ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਟਾਰਨੀ ਜਨਰਲ ਪੈਮ ਬੋਂਡੀ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਇਹ ਫੈਸਲਾ ਜੈਫਰੀ ਐਪਸਟਾਈਨ ਫਾਈਲਾਂ ਦੇ ਮਾਮਲੇ ਨੂੰ ਸੰਭਾਲਣ ਦੇ ਤਰੀਕੇ ਨੂੰ ਲੈ ਕੇ ਵੱਧ ਰਹੇ ਵਿਵਾਦ ਦੇ ਵਿਚਕਾਰ ਲਿਆ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਟਰੰਪ ਕੁਝ ਸਮੇਂ ਤੋਂ ਬੋਂਡੀ ਦੇ ਕੰਮ ਤੋਂ ਨਾ-ਖੁਸ਼ ਸਨ, ਅਤੇ ਖਾਸ ਕਰਕੇ ਐਪਸਟਾਈਨ ਨਾਲ ਸੰਬੰਧਿਤ ਮਾਮਲਿਆਂ ਨੂੰ ਸੰਭਾਲਣ ਨਾਲ ਉਹਨਾਂ ਦੀ ਨਾਰਾਜ਼ਗੀ ਹੋਰ ਵੀ ਵੱਧਦੀ ਜਾ ਰਹੀ ਸੀ।
ਦੱਸ ਦਈਏ ਕਿ ਟਰੰਪ ਨੇ ਇਸ ਫੈਸਲੇ ਦਾ ਐਲਾਨ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁਥ ਸੋਸ਼ਲ ਤੇ ਕੀਤਾ ! ਟਰੰਪ ਨੇ ਟਰੁਥ ਸੋਸ਼ਲ ‘ਤੇ ਪੈਮੀ ਬੋਂਡੀ ਨੂੰ ਹਟਾਉਣ ਦਾ ਐਲਾਨ ਕਰਦੇ ਹੋਏ ਲਿਖਿਆ, ਪੈਮ ਇੱਕ ਮਹਾਨ ਅਮਰੀਕੀ ਦੇਸ਼ ਭਗਤ ਅਤੇ ਮੇਰੀ ਇੱਕ ਵਫਾਦਾਰ ਦੋਸਤ ਰਹੀ ਹੈ। ਉਸਨੇ ਦੇਸ਼ ਭਰ ਵਿੱਚ ਅਪਰਾਧ ਵਿਰੁੱਧ ਵੱਡੀ ਕਾਰਵਾਈ ਦੀ ਅਗਵਾਈ ਕੀਤੀ ਜਿਸ ਨਾਲ 1900 ਤੋਂ ਬਾਅਦ ਕਤਲਾਂ ਦੀ ਗਿਣਤੀ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ ! ਅਸੀਂ ਪੈਮ ਨੂੰ ਬਹੁਤ ਪਿਆਰ ਕਰਦੇ ਹਾਂ, ਅਤੇ ਹੁਣ ਉਹ ਨਿੱਜੀ ਖੇਤਰ ਵਿੱਚ ਇੱਕ ਮਹੱਤਵਪੂਰਨ ਨਵੀਂ ਭੂਮਿਕਾ ਨਿਭਾਏਗੀ ! ਟਰੰਪ ਨੇ ਇਹ ਵੀ ਦੱਸਿਆ ਕਿ ਬੋਂਡੀ ਦੇ ਡਿਪਟੀ ਟੌਡ ਬਲੈਂਚ ਨੂੰ ਕਾਰਜਕਾਰੀ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਹੈ। ਬੋਂਡੀ ਨੇ ਆਪਣਾ ਕਾਰਜਕਾਲ ਨਿਆਂ ਵਿਭਾਗ ਨੂੰ ਰਾਜਨੀਤਿਕ ਤੋ ਬਾਹਰ ਰੱਖਣ ਦਾ ਵਾਅਦਾ ਕਰਕੇ ਸ਼ੁਰੂ ਕੀਤਾ ਸੀ ! ਉਸਨੇ ਬਾਅਦ ਵਿੱਚ ਟਰੰਪ ਦੇ ਰਾਜਨੀਤਿਕ ਵਿਰੋਧੀਆਂ ਦੀ ਜਾਂਚ ਸ਼ੁਰੂ ਕੀਤੀ ਸੀ, ਜਿਸ ਦੀ ਵਿਆਪਕ ਆਲੋਚਨਾ ਹੋਈ ! ਆਲੋਚਕਾਂ ਨੇ ਦੋਸ਼ ਲਗਾਇਆ ਕਿ ਨਿਆਂ
ਵਿਭਾਗ ਦੀ ਵਰਤੋਂ ਰਾਸ਼ਟਰਪਤੀ ਦੇ ਰਾਜਨੀਤਿਕ ਅਤੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਕੀਤੀ ਜਾ ਰਹੀ ਸੀ। ਬਾਅਦ ਵਿੱਚ ਐਪਸਟਾਈਨ ਫਾਈਲਾਂ ਦੇ ਪ੍ਰਬੰਧਨ ਨਾਲ ਜੁੜੇ ਵਿਵਾਦਾਂ ਦੇ ਵਿਚਕਾਰ ਟਰੰਪ ਉਸਦੀ ਕੰਮ ਕਰਨ ਦੀ ਸ਼ੈਲੀ ਤੋਂ ਨਾਰਾਜ਼ ਹੋ ਗਏ ! ਜ਼ਿਕਰ ਯੋਗ ਹੈ ਕਿ ਅਮਰੀਕਾ ਦੇ ਫਲੋਰੀਡਾ ਰਾਜ ਦੀ ਸਾਬਕਾ ਅਟਾਰਨੀ ਜਨਰਲ ਪੈਮ ਬੋਂਡੀ ਨੂੰ ਲੰਬੇ ਸਮੇਂ ਤੋਂ ਡੋਨਾਡ ਟਰੰਪ ਦੀ ਕਰੀਬੀ ਸਹਿਯੋਗੀ ਮੰਨਿਆ ਜਾਂਦਾ ਰਿਹਾ ਹੈ। ਉਹ ਟਰੰਪ ਦੇ ਪਹਿਲੇ ਮਹਾਂਦੋਸ਼ ਮੁਕਦਮੇ ਦੌਰਾਨ ਉਹਨਾਂ ਦੀ ਕਾਨੂੰਨੀ ਟੀਮ ਦਾ ਹਿੱਸਾ ਵੀ ਸੀ। ਉਹਨਾਂ ਨੇ ਇੱਕ ਸਾਲ ਤੋਂ ਵੱਧ ਸਮੇਂ ਤੱਕ ਅਮਰੀਕੀ ਅਟਾਰਨੀ ਜਨਰਲ ਵਜੋਂ ਸੇਵਾ ਨਿਭਾਈ ! ਆਪਣੇ ਕਾਰਜਕਾਲ ਦੌਰਾਨ ਉਹਨਾਂ ਨੇ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਅਪਰਾਧ ਨੂੰ ਕੰਟਰੋਲ ਕਰਨ ਲਈ ਵੀ ਕਈ ਕਦਮ ਚੁੱਕੇ, ਪਰ ਉਹਨਾਂ ਦੇ ਫੈਸਲਿਆਂ ਨੂੰ ਵੀ ਲਗਾਤਾਰ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ !

