ਸਿਆਟਲ : ਅਮਰੀਕਾ ਵਿੱਚ ਜਾਨਲੇਵਾ ਹਾਦਸੇ ਮਗਰੋਂ ਗ੍ਰਿਫ਼ਤਾਰ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ, ਜਦੋਂ ਵਾਸ਼ਿੰਗਟਨ ਸੂਬੇ ਦੇ ਲਾਈਸੈਂਸ ਡਿਪਾਰਟਮੈਂਟ ਦੀ ਪੜਤਾਲ ਵਿੱਚ ਸਾਹਮਣੇ ਆਇਆ ਕਿ ਹਰਜਿੰਦਰ ਸਿੰਘ ਸਣੇ 685 ਡਰਾਈਵਰਾਂ ਨੂੰ ਗਲਤ ਤਰੀਕੇ ਨਾਲ ਕਮਰਸ਼ੀਅਲ ਡਰਾਈਵਿੰਗ ਲਾਈਸੈਂਸ ਜਾਰੀ ਕੀਤੇ ਗਏ ਸਨ, ਅਤੇ ਇਹਨਾਂ ਵਿੱਚੋਂ ਘੱਟੋ ਘੱਟ 37 ਡਰਾਈਵਰ ਪੰਜਾਬੀ ਦੱਸੇ ਜਾ ਰਹੇ ਹਨ। ਵਾਸ਼ਿੰਗਟਨ ਲਾਈਸੈਂਸ ਡਿਪਾਰਟਮੈਂਟ ਦੇ ਬੁਲਾਰੇ ਨੇਬਲ ਓਲਸਨ ਨੇ ਕਿਹਾ ਕਿ ਹੋਈਆਂ ਗਲਤੀਆਂ ਨੂੰ ਠੀਕ ਕਰਦਿਆਂ ਪੂਰੇ ਸਿਸਟਮ ਵਿੱਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ, ਜੋ ਭਵਿੱਖ ਵਿੱਚ ਅਜਿਹੀ ਨੌਬਤ ਬਿਲਕੁਲ ਵੀ ਨਾ ਆਵੇ !
ਦੂਜੇ ਪਾਸੇ ਅਮਰੀਕਾ ਦੇ ਟਰਾਂਸਪੋਰਟ ਮੰਤਰੀ ਸ਼ੌਨ ਪੀ. ਡਫੀ ਨੇ ਦਾਅਵਾ ਕੀਤਾ ਹੈ ਕਿ ਅੰਗਰੇਜ਼ੀ ਨਾ ਆਉਂਦੀ ਹੋਣ ਕਾਰਨ ਟ੍ਰਕਿੰਗ ਸੈਕਟਰ ਵਿੱਚੋਂ ਬਾਹਰ ਕੀਤੇ ਡਰਾਈਵਰਾਂ ਦੀ ਗਿਣਤੀ 9500 ਤੋਂ ਟੱਪ ਚੁੱਕੀ ਹੈ। ਬਲੂਮਬਰਗ ਦੀ ਮੀਡੀਆ ਰਿਪੋਰਟ ਦਾ ਹਵਾਲਾ ਦਿੰਦਿਆਂ ਸ਼ੌਨ ਪੀ. ਡਫੀ ਨੇ ਕਿਹਾ ਹੈ ਕਿ ਟਰੰਪ ਸਰਕਾਰ ਹਮੇਸ਼ਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਸੁਰੱਖਿਆ ਨੂੰ ਤਰਜੀਹ ਦਿੰਦੀ ਹੈ ! ਜਿਹੜੇ ਲੋਕ ਅਮਰੀਕਾ ਦੀ ਕੌਮੀ ਭਾਸ਼ਾ ਨਹੀਂ ਜਾਣਦੇ ਉਹਨਾਂ ਨੂੰ ਟਰਾਂਸਪੋਰਟ ਸੈਕਟਰ ਵਿੱਚ ਕੰਮ ਕਰਦਿਆਂ ਹਾਈਵੇਜ਼ ਤੋਂ ਲੰਘਣ ਦਾ ਕੋਈ ਹੱਕ ਨਹੀਂ ਹੈ ! ਸ਼ੌਨ ਪੀ. ਡਫੀ ਵੱਲੋਂ ਕੀਤੇ ਦਾਅਵੇ ਦੇ ਉਲਟ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟਟ੍ਰੇਸ਼ਨ ਦੇ ਅੰਕੜਿਆਂ ਮੁਤਾਬਕ ਹੁਣ ਤੱਕ ਤਕਰੀਬਨ 8,953 ਟਰੱਕ ਡਰਾਈਵਰ ਅੰਗਰੇਜ਼ੀ ਨਾ ਆਉਣ ਕਰਕੇ ਟਰਾਂਸਪੋਰਟ ਸੈਕਟਰ ਤੋਂ ਬਾਹਰ ਕਰ ਦਿੱਤੇ ਗਏ ਹਨ !
ਇੱਕਲੇ ਵਾਸ਼ਿੰਗਟਨ ਸੂਬੇ ਵਿੱਚ ਹੀ ਤਕਰੀਬਨ 700 ਟਰੱਕ ਡਰਾਈਵਰਾਂ ਨੂੰ ਗਲਤ ਤਰੀਕੇ ਨਾਲ ਸੀ.ਡੀ.ਐਲ ਜਾਰੀ ਕਰਨ ਦੇ ਮੁੱਦੇ ਤੇ ਸ਼ੌਨ ਪੀ. ਡਫੀ ਦੇ ਮਹਿਕਮੇ ਨੇ ਕਿਹਾ ਕਿ ਫੈਡਰਲ ਕਾਨੂੰਨ ਦੀ ਪਾਲਣਾ ਕਰਨ ਵਿੱਚ ਅਸਫਲ ਰਿਹਾ ਹੈ ! ਆਯੋਗ ਡਰਾਈਵਰਾਂ ਨੂੰ ਲਾਈਸੈਂਸ ਦਿੰਦਿਆਂ ਹਾਈਵੇਜ਼ ਤੇ ਟਰੱਕ ਚਲਾਉਣ ਦੀ ਖੁੱਲ ਦਿੱਤੀ ਗਈ ਅਤੇ ਅਣਗਿਣਤ ਪਰਿਵਾਰਾਂ ਦੀ ਸੁਰੱਖਿਆ ਦਾਅ ‘ਤੇ ਲਗਾਈ ਗਈ।

