ਵਾਸ਼ਿੰਗਟਨ – ਅਮਰੀਕਾ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵੱਡੀ ਰਾਹਤ ਉਦੋਂ ਮਿਲੀ, ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਮੀਗ੍ਰੇਸ਼ਨ ਵਿਭਾਗ ਦੀ ਇੰਚਾਰਜ ਕ੍ਰਿਸਟੀ ਨੌਇਮ ਦੀ ਛੁੱਟੀ ਕਰ ਦਿੱਤੀ ! ਇਮੀਗ੍ਰੇਸ਼ਨ ਛਾਪਿਆਂ ਦੌਰਾਨ ਅਮੈਰੀਕਨ ਲੋਕਾਂ ‘ਤੇ ਗੋਲੀਆਂ ਚੱਲਣ ਅਤੇ ਪ੍ਰਵਾਸੀਆਂ ਨਾਲ ਜਾਨਵਰਾਂ ਵਰਗਾ ਸਲੂਕ ਕੀਤੇ ਜਾਣ ਦੀਆਂ ਘਟਨਾਵਾਂ ਕਰਕੇ ਵਿਵਾਦਾਂ ਵਿੱਚ ਘਿਰੀ ਕ੍ਰਿਸਟੀ ਨੌਇਮ ਨੂੰ ਬਰਖ਼ਾਸਤ ਕਰਨ ਪਿੱਛੇ ਹੋਰ ਕਈ ਕਾਰਨ ਜ਼ਿੰਮੇਵਾਰ ਦੱਸੇ ਜਾ ਰਹੇ ਹਨ।
ਕੈਪੀਟਲ ਹਿਲ ਵਿਖੇ ਪਾਰਲੀਮਾਨੀ ਕਮੇਟੀ ਅੱਗੇ ਪੇਸ਼ ਕ੍ਰਿਸਟੀ ਨੌਇਮ ਨੂੰ ਦੋ ਦਿਨਾਂ ਤੱਕ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ, ਅਤੇ ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਨੂੰ ਘੇਰਨ ਵਾਲਿਆਂ ਵਿੱਚ ਸਿਰਫ਼ ਡੇਮੋਕ੍ਰੈਟਸ ਹੀ ਸ਼ਾਮਿਲ ਨਹੀਂ ਸਨ, ਸਗੋਂ ਰਿਪਬਲੀਕਨ ਪਾਰਟੀ ਦੇ ਮੈਂਬਰਾਂ ਨੇ ਵੀ ਕ੍ਰਿਸਟੀ ਨੌਇਮ ਦੀ ਬੋਲਤੀ ਬੰਦ ਕਰ ਦਿੱਤੀ ਸੀ !
ਡੋਨਾਲਡ ਟਰੰਪ ਦੇ ਦੂਜੇ ਕਾਰਜ ਕਾਲ ਦੌਰਾਨ ਬਰਖ਼ਾਸਤ ਹੋਣ ਵਾਲੀ ਕ੍ਰਿਸਟੀ ਨੌਇਮ ਪਹਿਲੀ ਮੰਤਰੀ ਹੈ, ਅਤੇ ਉਹਨਾਂ ਦੀ ਵਿਦਾਇਗੀ ਮਗਰੋਂ ਇਮੀਗ੍ਰੇਸ਼ਨ ਛਾਪਿਆਂ ਬਾਰੇ ਰਣਨੀਤੀ ਨਵੇਂ ਸਿਰੇ ਤੋਂ ਘੜੇ ਜਾਣ ਦੇ ਆਸਾਰ ਹਨ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਦੀ ਇੰਚਾਰਜ ਪਿਛਲੇ ਸਾਲ ਵੀ ਵਿਵਾਦਾਂ ਵਿੱਚ ਆਈ ਸੀ, ਪਰ ਉਸ ਵੇਲੇ ਅਹੁਦੇ ਤੋਂ ਛੁੱਟੀ ਦਾ ਖਤਰਾ ਟਲ ਗਿਆ ਸੀ, ਪਰ ਜਨਵਰੀ ਦੌਰਾਨ ਅਮੈਰੀਕਨ ਨਾਗਰਿਕਾਂ ਰੈਨੀ ਗੁੱਡ ਅਤੇ ਐਲਕਸ ਪ੍ਰਿਟੀ ਦੇ ਆਈਸ ਏਜੰਟਾਂ ਹੱਥੋਂ ਕਥਿਤ ਕਤਲ ਮਗਰੋਂ ਕ੍ਰਿਸਟੀ ਨੌਇਮ ਨੂੰ ਇਹਨਾਂ ਮਾਮਲਿਆਂ ਨੂੰ ਘਰੇਲੂ ਅੱਤਵਾਦ ਦਰਸਾਉਣ ਦਾ ਯਤਨ ਕੀਤਾ ਗਿਆ ਸੀ ! ਮਿਨੀਸੋਟਾ ਵਿੱਚ ਵਾਪਰ ਰਹੇ ਘਟਨਾਕ੍ਰਮ ਦਾ ਅਸਰ ਪੂਰੇ ਮੁਲਕ ਵਿੱਚ ਦੇਖਣ ਨੂੰ ਮਿਲਿਆ, ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਨਿਆਪੌਲਿਸ ਵਿਖੇ ਕੀਤੀ ਘੇਰਾਬੰਦੀ ਖਤਮ ਕਰਨ ਲਈ ਮਜਬੂਰ ਹੋਣਾ ਪਿਆ ! ਸਾਊਥ ਡੈਕੋਟਾ ਦੀ ਸਾਬਕਾ ਗਵਰਨਰ ਨੂੰ ਇਮੀਗ੍ਰੇਸ਼ਨ ਛਾਪਿਆਂ ਦੇ ਤੌਰ-ਤਰੀਕਿਆਂ ਤੋਂ ਇਲਾਵਾ ਅਰਬਾਂ ਡਾਲਰ ਦੀ ਰਕਮ ਲਾਪਰਵਾਹੀ ਨਾਲ ਖਰਚ ਕਰਨ ਦੇ ਮੁੱਦੇ ਤੇ ਨੁਕਤਾ-ਚੀਨੀ ਬਰਦਾਸ਼ਤ ਕਰਨੀ ਪਈ ! ਪਾਰਲੀਮਾਨੀ ਕਮੇਟੀ ਅੱਗੇ ਸੁਣਵਾਈ ਦੌਰਾਨ 220 ਮਿਲੀਅਨ ਡਾਲਰ ਦੀ ਇਸ਼ਤਿਹਾਰ ਮੁਹਿੰਮ ਵੀ ਵਿਵਾਦਾਂ ਵਿੱਚ ਰਹੀ, ਜਿਸ ਵਿੱਚ ਕ੍ਰਿਸਟੀ ਨੌਇਮ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸੈਲਫ਼ ਡਿਪੋਰਟ ਹੋਣ ਦਾ ਸੱਦਾ ਦਿੰਦੀ ਹੋਈ ਨਜ਼ਰ ਆ ਰਹੀ ਹੈ। ਪੁੱਛ-ਪੜਤਾਲ ਦੌਰਾਨ ਕ੍ਰਿਸਟੀ ਨੇ ਸਫਾਈ ਪੇਸ਼ ਕਰਦਿਆਂ ਇਹ ਦਾਅਵਾ ਕੀਤਾ ਹੈ, ਕਿ ਡੋਨਾਲਡ ਟਰੰਪ ਨੂੰ ਇਸ਼ਤਿਹਾਰ ਮੁਹਿੰਮ ਬਾਰੇ ਪੂਰੀ ਜਾਣਕਾਰੀ ਸੀ, ਪਰ ਰਾਸ਼ਟਰਪਤੀ ਇਸ ਗੱਲ ਤੋਂ ਸਾਫ਼ ਮੁਕਰ ਗਏ ਹਨ। ਇੱਕ ਇੰਟਰਵਿਊ ਦੌਰਾਨ ਡੋਨਾਲਡ ਟਰੰਪ ਨੇ ਵੀ ਇਹ ਦਾਅਵਾ ਕੀਤਾ ਹੈ, ਕਿ ਉਹਨਾਂ ਨੇ ਇਸ਼ਤਿਹਾਰ ਨੂੰ ਪ੍ਰਵਾਨਗੀ ਨਹੀਂ ਦਿੱਤੀ ਸੀ !

