ਪੰਜਾਬੀ ਲਿਖਾਰੀ ਸਭਾ ਸਿਆਟਲ(ਰਜਿ.) ਵੱਲੋਂ ਗੁਰਚਰਨ ਸੱਗੂ ਜੀ ਦੇ ਨਾਵਲ‘ਕਰਮਾਂ ਵਾਲੀ ਧੀ’ ਉਪਰ ਵਿਚਾਰ-ਚਰਚਾ

0
312

ਪੰਜਾਬ, ਪੰਜਾਬੀ, ਪੰਜਾਬੀਅਤ ਦੇ ਸਰਬਪੱਖੀ ਵਿਕਾਸ ਲਈ ਸਦਾ ਤੱਤਪਰ ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ.) ਅਮਰੀਕਾ, ਨੇ ਦੇਸ਼ ਵਿਦੇਸ਼ ਵੱਸਦੇ ਲੇਖਕਾਂ ਦੀਆਂ ਚਰਚਿਤ ਪੁਸਤਕਾਂ ਨਾਲ ਪਾਠਕਾਂ ਦੀ ਸਾਂਝ ਪੁਵਾਉਣ ਲਈ ਯਤਨਾਂ ਦੀ ਲੜੀ ਤਹਿਤ ਇੰਗਲੈਂਡ ਵੱਸਦੇ ਲੇਖਕ, ਫਿਲਮਸਾਜ਼ ਅਤੇ ਸਫਲ ਕਾਰੋਬਾਰੀ ਗੁਰਚਰਨ ਸੱਗੂ ਦੀ ਕਲਮ ਸਿਰਜਣਾ, ਸੱਚੀ ਕਹਾਣੀ ‘ਤੇ ਅਧਾਰਿਤ, ਔਰਤ ਦੇ ਸੰਘਰਸ਼ਮਈ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਨੂੰ ਬਿਆਨ ਕਰਦਾ ਨਵਾਂ ਨਾਵਲ ‘ਕਰਮਾਂ ਵਾਲੀ ਧੀ’ ਸਰੋਤਿਆਂ ਦੀ ਝੋਲੀ ਪਾਇਆ।‘ਕੈਂਟ ਪੈਂਥਰ ਲੇਕ ਲਾਇਬ੍ਰੇਰੀ’ ਵਿੱਚ ਰੱਖੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿਚ, ਦੋ ਮਿੰਟ ਦਾ ਮੋਨ ਰੱਖ ਕੇ,ਕੁਝ ਸਮਾਂ ਪਹਿਲਾਂ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਮਾਂ-ਬੋਲੀ ਪੰਜਾਬੀ ਦੇ ਥੰਮ ਪਦਮ ਸ਼੍ਰੀ ਡਾ.ਸੁਰਜੀਤ ਪਾਤਰ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ।ਸਭਾ ਦੇ ਸਰਪ੍ਰਸਤ ਸ਼ੰਗਾਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਚੱਲੇ ਇਸ ਸਾਹਿਤਕ ਸਮਾਗਮ ਦਾ ਆਗਾਜ਼, ਵਿਦਵਾਨਾਂ ਵੱਲੋਂ ਪੇਸ਼ ਵਿਚਾਰਾਂ ਨੂੰ ਸੁੰਦਰ ਸ਼ਬਦਾਂ ਵਿੱਚ ਪੇਸ਼ ਕਰਦਿਆਂ ਸਭਾ ਦੇ ਸਕੱਤਰ ਪ੍ਰਿਤਪਾਲ ਸਿੰਘ ਟਿਵਾਣਾ ਨੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਸੱਜਣਾਂ ਦੇ ਆਗਮਨ ‘ਤੇ ਅਦਬੀ-ਸਤਿਕਾਰ ਕਰਦਿਆਂ ਕੀਤਾ।ਸਭਾ ਦੇ ਪ੍ਰਧਾਨ ਬਲਿਹਾਰ ਲੇਹਲ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ।ਲੋਕ ਅਰਪਨ ਕੀਤੇ ਗਏ ਨਾਵਲ ‘ਕਰਮਾਂ ਵਾਲੀ ਧੀ’ ਦੇ ਵਿਸ਼ੇ ਅਤੇ ਕਲਾ ਪੱਖਾਂ ਤੇ ਚਰਚਾ ਕਰਦਿਆਂ ਅਤੇ ਗੁਰਚਰਨ ਸੱਗੂ ਜੀ ਦੇ ਰਚਨਾ-ਸੰਸਾਰ ਦੀ ਜਾਣਕਾਰੀ ਸਾਂਝੀ ਕਰਦਿਆਂ ਸ਼੍ਰੀਮਤੀ ਯਸ਼ ਸਾਥੀ ,ਪ੍ਰਧਾਨ ਬਲਿਹਾਰ ਲੇਹਲ, ਡਾ. ਜਤਿੰਦਰ ਚੋਪੜਾ ਅਤੇ ਧਰਮ ਸਿੰਘ ਮੈਰੀਪੁਰ ਵੱਲੋਂ ਇਸਨੂੰ ਮਾਂ ਬੋਲੀ ਪੰਜਾਬੀ ਲਈ ਇਕ ਪ੍ਰਾਪਤੀ ਦੱਸਿਆ ਗਿਆ।ਸਰੋਤਿਆਂ ਦੇ ਸਨਮੁੱਖ ਬੋਲਦਿਆਂ ਲੇਖਕ ਗੁਰਚਰਨ ਸੱਗੂ ਨੇ ਆਪਣੀ ਲਿਖਣ ਕਲਾ ਅਤੇ ਖਾਸ ਕਰਕੇ ਇਸ ਨਾਵਲ ਬਾਰੇ ਭਰਪੂਰ ਜਾਣਕਾਰੀ ਦਿੱਤੀ।ਆਪਣੀਆਂ ਰਚਨਾਵਾਂ ਦੇ ਪਾਠਕਾਂ ਪੰਜਾਬੀ ਪਿਆਰਿਆਂ ਦਾ ਅਤੇ ਵਿਸ਼ੇਸ਼ ਤੌਰ ‘ਤੇ ‘ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ.) ਦਾ ਉਹਨਾਂ ਦਿਲੋਂ ਧੰਨਵਾਦ ਕੀਤਾ, ਉਹਨਾਂ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਇਸ ਤੋਂ ਪਹਿਲਾਂ ਵੀ ਮੇਰੀ ਆਪਣੀ ਜ਼ਿੰਦਗੀ ਤੇ ਅਧਾਰਿਤ ਲਿਖੀ ਮੇਰੀ ਬੁਹ-ਚਰਚਿਤ ਪੁਸਤਕ ‘ਵੇਖਿਆ ਸ਼ਹਿਰ ਮੁੰਬਈ’ ਵੀ ਇਸ ਸਭਾ ਵਲੋਂ ਲੋਕ ਅਰਪਣ ਕੀਤੀ ਗਈ ਸੀ।ਇਸ ਵਾਰ ਸੱਗੂ ਸਾਹਿਬ ਦੇ ਅਚਾਨਕ ਸਿਆਟਲ ਆਉਣ ਤੇ ਦੋ ਦਿਨਾਂ ਦੇ ਨੋਟਿਸ ਤੇ ਉਲੀਕੇ ਇਸ ਪ੍ਰੋਗਰਾਮ ਨੂੰ ਸਿਆਟਲ ਨਿਵਾਸੀਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ।
ਪ੍ਰੋਗਰਾਮ ਦੀ ਸਾਹਿਤਕ ਦਿੱਖ ਨੂੰ ਪੱਕਿਆਂ ਕਰਦਿਆਂ -ਮਲਕੀਤ ਸਿੰਘ ਗਿੱਲ, ਪ੍ਰਸਿੱਧ ਗੀਤਕਾਰ ਬਲਬੀਰ ਲਹਿਰਾ, ਜਾਗੀਰ ਸਿੰਘ,ਰਣਜੀਤ ਸਿੰਘ ਮਲ੍ਹੀ, ਸ਼ੰਗਾਰ ਸਿੰਘ ਸਿੱਧੂ, ਸਾਧੂ ਸਿੰਘ ਝੱਜ , ਨਵਦੀਪ ਕੌਰ ਭੰਦੋਲ ਅਤੇ ਬਲਜਿੰਦਰ ਸਿੰਘ ਵਲੋਂ ਆਪਣੀਆਂ ਰਚਨਾਵਾਂ ਨਾਲ ਰੰਗ ਬੰਨ੍ਹਿਆ ਗਿਆ।‘ਸੇਵਾਦਾਰ ਗਰੁੱਪ’ ਦੀ ਪ੍ਰਧਾਨ ਡਾ. ਮਨਜੋਤ ਕੌਰ ਵਲੋਂ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਦਰਸਾਉਂਦੇ ਤਿੰਨ ਅਗਸਤ ਨੂੰ ਹੋਣ ਵਾਲੇ ਪ੍ਰੋਗਰਾਮ ‘ਏ ਡੇ ਇੰਨ ਪੰਜਾਬ’ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰ ਰਹੀ ਗੁਰਚਰਨ ਸੱਗੂ ਦੀ ਧਰਮ ਪਤਨੀ ਮਨਜੀਤ (ਰਾਣੀ) ਸੱਗੂ ਇਸ ਪ੍ਰਗਰਾਮ ਦੀ ਸ਼ੋਭਾ ਵਧਾ ਰਹੀ ਸੀ। ਕੈਲੇਫੋਰਨੀਆਂ ਤੋਂ ਸੁਚਾ ਸਿੰਘ, ਡਾ. ਜਤਿੰਦਰ ਚੋਪੜਾ ਅਤੇ ਪ੍ਰਵੀਨ ਚੋਪੜਾ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।ਭਾਵੇਂ ਸਮੇਂ ਦੀ ਘਾਟ ਕਾਰਨ ਬੁਹਤ ਸਾਰੀਆਂ ਸ਼ਖਸੀਅਤਾਂ ਜਿਵੇਂ ਜੰਗ ਪਾਲ ਸਿੰਘ ਕੋਟਕਪੂਰਾ,ਪਰਮਜੀਤ ਕੌਰ ਟਿਵਾਣਾ,ਜਸਵਿੰਦਰ ਕੌਰ ਲੇਹਲ, ਬਿਸਮਨ ਕੌਰ ਟਿਵਾਣਾ, ਫਤਹਿ ਜੀਤ ਸਿੰਘ, ਜਸਲੀਨ ਕੌਰ, ਤਰਨਜੀਤ ਕੌਰ, ਪ੍ਰਵੀਨ ਕੌਰ ਸਰੋਆ, ਬਲਦੇਵ ਹੀਰਾ, ਨਰੇਸ਼ ਦੱਤ, ਲਾਲੀ ਸੰਧੂ ਅਤੇ ਜਸਮਨ ਭੰਦੋਲ ਨੂੰ ਸਟੇਜ ਤੋਂ ਬੁਲਾਇਆ ਨਹੀਂ ਜਾ ਸਕਿਆ ਫਿਰ ਵੀ ਉਹਨਾਂ ਦੀ ਹਾਜ਼ਰੀ ਸਭਾ ਲਈ ਮਾਨ ਵਾਲੀ ਗੱਲ ਸੀ।ਇਸ ਪ੍ਰੋਗਰਾਮ ਦੀ ਖਾਸੀਅਤ ਇਹ ਵੀ ਰਹੀ ਕਿ ਇਸ ਵਿੱਚ ਬੀਬੀਆਂ ਦੀ ਭਰਵੀਂ ਹਾਜ਼ਰੀ ਰਹੀ।
ਲਿਖਾਰੀ ਸਭਾ ਵਲੋਂ ਗੁਰਚਰਨ ਸੱਗੂ, ਮਨਜੀਤ ਸੱਗੂ, ਡਾ. ਜਤਿੰਦਰ ਚੋਪੜਾ, ਪ੍ਰਵੀਨ ਚੋਪੜਾ,ਸੁਚਾ ਸਿੰਘ ਅਤੇ ਧਰਮ ਸਿੰਘ ਮੈਰੀਪੁਰ ਦਾ ਸਨਮਾਨ, ਸਨਮਾਨ-ਚਿੰਨ ਦੇ ਕੇ ਕੀਤਾ ਗਿਆ। ਚਾਹ ਅਤੇ ਸਨੈਕ ਦੀ ਸੇਵਾ ‘ਪੰਜਾਬੀ ਬਜ਼ਾਰ’ ਦੇ ਮਾਲਕ ਅਤੇ ਲਿਖਾਰੀ ਸਭਾ ਦੇ ਮੈਂਬਰ ਬਲਜਿੰਦਰ ਸਿੰਘ ਵਲੋਂ ਕੀਤੀ ਗਈ।ਹਰ ਸਮੇਂ ਲਿਖਾਰੀ ਸਭਾ ਦੀ ਮੱਦਦ ਕਰ ਰਹੇ ਧਰਮ ਸਿੰਘ ਮੈਰੀਪੁਰ ਜੀ ਨੇ ਆਉਣ ਵਾਲੇ ਸਮੇਂ ਵਿੱਚ ਵੀ ਆਰਥਿਕ ਸਹਾਇਤਾ ਕਰਦੇ ਰਹਿਣ ਦਾ ਵਾਅਦਾ ਕੀਤਾ।
ਸਟੇਜ-ਸੰਚਾਲਨ ਦੀ ਸੇਵਾ ਸਭਾ ਦੇ ਸੈਕਟਰੀ ਪ੍ਰਿਤਪਾਲ ਸਿੰਘ ਟਿਵਾਣਾ ਵੱਲੋਂ ਬਾ-ਖੂਬੀ ਨਿਭਾਈ ਗਈ।ਅੰਤ ਵਿੱਚ ਪ੍ਰਧਾਨ ਜੀ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।ਪੰਜਾਬੀ ਪੁਸਤਕਾਂ ਲਈ ਉਤਸੁਕਤਾ ਦੀ ਮਿਸਾਲ ਇਹ ਸੀ ਕਿ ਇਸ ਪ੍ਰੋਗਰਾਮ ਵਿੱਚ ਸੱਗੂ ਜੀ ਦਾ ਇਹ ਨਾਵਲ ਹੱਥੋਂ ਹੱਥ ਵਿਕ ਗਿਆ ਅਤੇ ਉਹਨਾਂ ਇਸ ਤੋਂ ਇਕੱਠੀ ਹੋਈ ਧਨ-ਰਾਸ਼ੀ ਭਗਤ ਪੂਰਨ ਸਿੰਘ ਪਿੰਗਲਵਾੜੇ ਨੂੰ ਦਾਨ ਦੇਣ ਦਾ ਪ੍ਰਣ ਲਿਆ ਹੋਇਆ ਹੈ।

LEAVE A REPLY

Please enter your comment!
Please enter your name here