ਗੁਰਚਰਨ ਸਿੰਘ ਢਿਲੋਂ
ਸਿਆਟਲ (ਵਾਸ਼ਿੰਗਟਨ) : ਪੰਜਾਬ ਲੋਕ ਰੰਗ ਮੰਚ ਵਲੋਂ ਨਾਟਕ-ਕਾਰ ਸ੍ਰਦਾਰ ਸੁਰਿੰਦਰ ਸਿੰਘ ਧਨੋਆ ਦੇ ਨਿਰਦੇਸ਼ਨ ਹੇਠ ਇਤਿਹਾਸਕ ਨਾਟਕ “ਜ਼ਫਰਨਾਮਾਂ” ਔਬਰਨ ਪ੍ਰਫੌਰਮੈਂਸ ਆਰਟ ਸੈਂਟਰ ਵਿੱਚ ਖੇਡਿਆ ਗਿਆ।“ਸਾਡਾ ਟੀਵੀ USA” ਅਤੇ ਸਿਮਰਨ ਪ੍ਰੋਡਕਸ਼ਨ ਵਲੋਂ ਸਿਆਟਲ ਨਿਵਾਸੀਆਂ ਦੇ ਸਹਿਯੋਗ ਨਾਲ਼ ਕਰਵਾਏ ਗਏੇ ਇਸ ਨਾਟਕ ਦਾ ਲੋਕਾਂ ਵਲੋਂ ਭਰਪੂਰ ਅਨੰਦ ਮਾਣਿਆ ਗਿਆ ।ਸਿਮਰਨ ਸਿੰਘ ਵਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਸਿੱਖ ਇਤਿਹਾਸ ਦੇ ਪੱਤਰਿਆਂ ਨੂੰ ਫਰੋਲ਼ਦਾ ਇਹ ਨਾਟਕ ਦਰਸ਼ਕਾਂ ਨੂੰ ਇੱਕ ਵੱਖਰੇ ਵਿਸਮਾਦ ਵੱਲ਼ ਲੈ ਗਿਆ। ਪਹਾੜੀ ਰਾਜਿਆਂ ਦੇ ਦੋਗਲੇ ਕਿਰਦਾਰ ਨੂੰ ਉਘੇੜਦਾ ਅਨੰਦਪੁਰ ਸਹਿਬ ਦੇ ਕਿਲ਼ੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਦਰਸਾਉਂਦਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਾਦਸ਼ਾਹ ਔਰੰਗਜ਼ੇਬ ਨੂੰ ਲਿਖੇ “ਜ਼ਫਰਨਾਮੇ” ਤੱਕ ਪਹੁੰਚਿਆ ।ਇਸ ਨਾਟਕ ਵਿੱਚ ਔਰੰਗਜ਼ੇਬ ਦੀ ਜ਼ਿੰਦਗੀ ਦੇ ਆਖਰੀ ਪਲਾਂ ਨੂੰ ਬੜੀ ਸ਼ਿੱਦਤ ਨਾਲ਼ ਪੇਸ਼ ਕੀਤਾ ਗਿਆ । ਔਰੰਗਜ਼ੇਬ ਦੇ ਕਿਰਦਾਰ ਵਿੱਚ ਸ੍ਰਦਾਰ ਸੁਰਿੰਦਰ ਸਿੰਘ ਧਨੋਆ ਵਲੋਂ ਰੂਹ ਫੂਕ ਦਿੱਤੀ ਗਈ।ਹਰ ਕਲਾਕਾਰ ਦੀ ਕਲਾਕਾਰੀ ਦਾ ਸਿਖਰ ਇਸ ਨਾਟਕ ਵਿੱਚ ਦੇਖਣ ਨੂੰ ਮਿਲਿਆ ।ਖਾਸ ਕਰਕੇ ਮੋਤੀ ਰਾਮ ਮਹਿਰਾ ਦੇ ਬੱਚੇ ਦਾ ਕੋਹਲੂ ਵਿੱਚ ਪੀੜਿਆ ਜਾਣ ਵਾਲ਼ੇ ਸੀਨ ਨੇ ਹਾਲ ਬੈਠੇ ਹਰ ਦਰਸ਼ਕ ਦੀ ਅੱਖ ਨਮ ਕਰ ਦਿੱਤੀ ।ਇਸ ਨਾਟਕ ਨੂੰ ਕਰਵਾਉਣ ਲਈ ਸ਼ਹਿਰ ਦੇ ਪਤਵੰਤੇ ਸੱਜਣਾਂ ਨੇਂ ਵਿਸ਼ੇਸ਼ ਸਹਿਯੋਗ ਦਿੱਤਾ। “ਸਾਡਾ ਟੀਵੀ USA” ਅਤੇ ਸਿਮਰਨ ਪ੍ਰੋਡਕਸ਼ਨ ਦੇ ਸੰਚਾਲਕ ਸਿਮਰਨ ਸਿੰਘ ਨੇ ਦੱਸਿਆ ਕਿ ਨਾਟਕ-ਕਾਰ ਸ੍ਰਦਾਰ ਸੁਰਿੰਦਰ ਸਿੰਘ ਧਨੋਆ ਦੇ ਨਿਰਦੇਸ਼ਨ ਹੇਠ ਪਹਿਲਾਂ ਵੀ “ਮਹਾਂਰਾਣੀ ਜਿੰਦਾਂ” ਅਤੇ “ਮਿਟੀ ਧੁੰਦ ਜੱਗ ਚਾਨਣ ਹੋਆ” ਇਤਿਹਾਸਕ ਨਾਟਕ ਖੇਡੇ ਜਾ ਚੁੱਕੇ ਹਨ, ਜ੍ਹਿਨਾਂ ਨੂੰ ਦਰਸ਼ਕਾਂ ਵਲੋਂ ਬਹੁਤ ਸਲਾਹਿਆ ਗਿਆ ਸੀ।ਹੁਣ ਸਾਡਾ ਫਰਜ਼ ਬਣਦਾ ਹੈ ਕਿ ਨਾਟਕਕਾਰੀ ਦੀ ਇਸ ਕਲਾ ਨੂੰ ਜਿਉਂਦਾ ਰੱਖਣ ਅਤੇ ਕਲਾਕਾਰਾਂ ਦਾ ਹੋਂਸਲਾ ਵਧਾਉਣ ਲਈ ਵੱਧ ਤੋਂ ਵੱਧ ਸ਼ੋਅ ਸੰਗਤਾਂ ਸਹਿਯੋਗ ਨਾਲ਼ ਕਰਵਾਏ ਜਾਣ ।