ਵਾਸ਼ਿੰਗਟਨ – ਅਮਰੀਕਾ ਦੇ ਹਵਾਈ ਅੱਡਿਆਂ ‘ਤੇ ਮੁੜ ਤੋਂ ਸ਼ਟਡਾਊਨ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ, ਅਤੇ ਇਮੀਗ੍ਰੇਸ਼ਨ ਅਫ਼ਸਰਾਂ ਸਣੇ ਮੁਸਾਫਰਾਂ ਦੀ ਸੁਰੱਖਿਆ ਦੀ ਜਾਂਚ ਕਰਨ ਵਾਲੇ ਇਹ ਏਜੰਟਸ ਬਗੈਰ ਤਨਖ਼ਾਹ ਤੋਂ ਕੰਮ ਕਰਨ ਲਈ ਮਜਬੂਰ ਹਨ, ਪਰ ਇਹ ਲੰਮਾ ਸਮਾਂ ਨਹੀਂ ਚੱਲ ਸਕਦਾ ! ਹਵਾਈ ਮੁਸਾਫ਼ਰਾਂ ਨੂੰ 43 ਦਿਨ ਤੱਕ ਜਾਰੀ ਰਿਹਾ ਸ਼ਟਡਾਊਨ ਅਜੇ ਵੀ ਚੰਗੀ ਤਰ੍ਹਾਂ ਯਾਦ ਹੈ, ਜਦੋਂ ਹਜ਼ਾਰਾਂ ਫਲਾਈਟਸ ਰੱਦ ਹੋਈਆਂ, ਜਾਂ ਫ਼ੇਰ ਦੇਰੀ ਨਾਲ ਰਵਾਨਾ ਹੋਈਆਂ !
ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਉਰਟੀ ਦੇ ਖਰਚਿਆਂ ਨੂੰ ਕਾਂਗਰਸ ਦੀ ਪ੍ਰਵਾਨਗੀ ਨਹੀਂ ਮਿਲ ਸਕੀ ਹੈ, ਕਿਉਂਕਿ ਡੇਮੋਕ੍ਰੈਟਿਕ ਪਾਰਟੀ ਦੇ ਮੈਂਬਰ ਚਾਹੁੰਦੇ ਹਨ, ਕਿ ਇਮੀਗ੍ਰੇਸ਼ਨ ਛਾਪਿਆਂ ਵਿੱਚ ਸ਼ਾਮਲ ਅਫ਼ਸਰ ਆਪਣੇ ਚਿਹਰਿਆਂ ਤੋਂ ਮਾਸਕ ਹਟਾਉਣ ਆਈ ਕਾਰਡ ਉਹਨਾਂ ਦੇ ਗਲ ਵਿੱਚ ਟੰਗੇ ਹੋਣ, ਅਤੇ ਨਸਲੀ ਵਿਤਕਰੇ ਨੂੰ ਮੁਕੰਮਲ ਤੌਰ ‘ਤੇ ਤਿਆਗਿਆ ਜਾਵੇ। ਹਾਊਸ ਆਫ਼ ਰਿਪ੍ਰਜੈਂਟੇਟਿਵਜ਼ ਵਿੱਚ ਡੇਮੋਕ੍ਰੈਟਿਕ ਪਾਰਟੀ ਦੇ ਆਗੂ ਹਕੀਮ ਜੈਫ਼ਰੀਜ਼ ਨੇ ਕਿਹਾ, ਕਿ ਹਮੇਸ਼ਾ ਕਾਨੂੰਨ ਦੀ ਪਾਲਣਾ ਕਰਨ ਵਾਲੇ ਪ੍ਰਵਾਸੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਡਰਾਇਆ ਜਾ ਰਿਹਾ ਹੈ ! ਭਾਵੇਂ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਅਤੇ ਬਾਰਡਰ ਪੈਟਰੋਲ ਵਾਲਿਆਂ ਉੱਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਓਰਟੀ ਦੇ ਸ਼ਟਡਾਊਨ ਦਾ ਅਸਰ ਨਹੀਂ ਹੈ, ਪਰ ਹਵਾਈ ਅੱਡਿਆਂ ‘ਤੇ ਆਵਾਜਾਈ ਜ਼ਰੂਰ ਪ੍ਰਭਾਵਿਤ ਹੋ ਸਕਦੀ ਹੈ !
ਟ੍ਰਾਂਸਪੋਰਟੇਸ਼ਨ ਸਿਕਿਓਰਟੀ ਐਡਮਿਨਿਸਟ੍ਰੇਸ਼ਨ ਦੇ ਅਧਿਕਾਰੀਆਂ ਨੇ ਉਸ ਵੇਲੇ ਵੀ ਬਗੈਰ ਤਨਖਾਹਾਂ ਤੋਂ ਕੰਮ ਕੀਤਾ ਸੀ, ਜਦੋਂ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਲੰਮਾ ਸ਼ਟਡਾਊਨ ਜਾਰੀ ਰਿਹਾ ਸੀ ! ਐਵੀਏਸ਼ਨ ਮਾਹਰਾਂ ਦਾ ਕਹਿਣਾ ਹੈ, ਕਿ ਇਸ ਵਾਰ ਦੇ ਸ਼ਟ ਡਾਊਨ ਦਾ ਵੱਖਰਾ ਹੀ ਅਸਰ ਸਾਹਮਣੇ ਆ ਸਕਦਾ ਹੈ। ਉਧਰ ਕਾਰੋਬਾਰੀ ਜਥੇਬੰਦੀਆਂ ਅਤੇ ਵੱਡੀਆਂ ਏਅਰਲਾਈਨਜ਼ ਨੇ ਚੇਤਾਵਨੀ ਦਿੱਤੀ ਹੈ, ਕਿ ਹਵਾਈ ਅੱਡਿਆਂ ਤੇ ਲੰਬੀਆਂ ਕਤਾਰਾਂ ਲੱਗ ਸਕਦੀਆਂ ਹਨ, ਅਤੇ ਨਾਂਹਪੱਖੀ ਸਿੱਟੇ ਸਾਹਮਣੇ ਆਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਟ੍ਰਾਂਸਪੋਰਟੇਸ਼ਨ ਸਿਕਿਉਰਟੀ ਐਡਮਿਨਿਸਟ੍ਰੇਸ਼ਨ ਦੇ 95 ਫ਼ੀਸਦੀ ਅਫਸਰਾਂ ਨੂੰ ਜਰੂਰੀ ਕਾਮੇ ਮੰਨਿਆ ਗਿਆ ਹੈ। ਜਿਸ ਦੇ ਮੱਦੇ ਨਜ਼ਰ ਬਗੈਰ ਤਨਖਾਹਾਂ ਤੋਂ ਵੀ ਉਹਨਾਂ ਨੂੰ ਕੰਮ ਕਰਨਾ ਪਵੇਗਾ, ਦੂਜੇ ਪਾਸੇ ਹਵਾਈ ਅੱਡਿਆਂ ‘ਤੇ ਪੁੱਜ ਰਹੇ ਮੁਸਾਫਰਾਂ ਦੇ ਚਿਹਰੇ ‘ਤੇ ਵੀ ਪਿਛਲੇ ਸਾਲ ਵਰਗੀਆਂ ਚਿੰਤਾਵਾਂ ਵੇਖਣ ਨੂੰ ਮਿਲ ਰਹੀਆਂ ਹਨ !

